ਅੰਮ੍ਰਿਤਸਰ- ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਬਾਬਾ ਸੋਹਣ ਸਿੰਘ ਮੁਖੀ ਬਾਬਾ ਬਿਧੀਚੰਦ ਸੰਪਰਦਾਇ ਦੇ ਸਲਾਨਾ ਬਰਸੀ ਸਮਾਗਮ ਸਮੇਂ ਬੋਲਦਿਆਂ ਕਿਹਾ ਨਿਹੰਗ ਸਿੰਘ ਦਲਪੰਥਾਂ ਅੰਦਰ ਪੁਰਾਤਨ ਸਮੇਂ ਤੋਂ ਹੀ ਆਪਸੀ ਪਿਆਰ, ਮਿਲਵਰਤਨ ਅਤੇ ਵਿਚਾਰ ਵਟਾਂਦਰੇ ਉਪਰੰਤ ਗੁਰਮਤੇ ਸੋਧਣ ਦੀ ਪਰੰਪਰਾ ਰਹੀ ਹੈ। ਸ੍ਰੀ ਅਕਾਲ ਤਖ਼ਤ ਸਹਿਬ ਦੀ ਆਨ ਸ਼ਾਨ ਬਾਣ ਹਰ ਸਿੱਖ ਨੂੰ ਕਾਇਮ ਰੱਖਣ ਲਈ ਤਤਪਰ ਰਹਿਣਾ ਚਾਹੀਦਾ ਹੈ। ਉਨ੍ਹਾਂ ਆਪਣੇ ਵਚਨਾਂ ਨੂੰ ਮੁੜ ਦੁਹਰਾਉਂਦਿਆਂ ਕਿਹਾ ਨਿਹੰਗ ਸਿੰਘ ਦਲ ਪੰਥਾਂ ਦੀ ਸਮੂਲੀਅਤ ਤੋਂ ਬਗੈਰ ਕਿਸੇ ਸੰਸਥਾ ਦਾ ਕੋਈ ਪੰਥਕ ਫੈਸਲਾ ਕਹਾਉਣ ਦੇ ਸਮਰੱਥ ਨਹੀਂ ਹੁੰਦਾ। ਸ਼੍ਰੋ:ਗੁ:ਪ੍ਰ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਮੇਸ਼ਾ ਬੁੱਢਾ ਦਲ ਦੇ ਮੁਖੀਆਂ ਵੱਲੋਂ ਕੀਤੇ ਬਚਨਾਂ ਤੇ ਪਹਿਰਾ ਦਿੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬੁੱਢਾ ਦਲ ਦੇ ਮੁਖੀ ਸਾਹਿਬਾਨਾਂ, ਬਾਬਾ ਬਿਧੀਚੰਦ ਸੰਪਰਦਾ ਦੇ ਮੁਖੀਆਂ ਅਤੇ ਮਿਸਲ ਸ਼ਹੀਦ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ ਵਿੱਚ ਹਮੇਸ਼ਾਂ ਹੀ ਮਿਲਵਰਤਨ ਤੇ ਮੁਹੱਬਤ ਪਿਆਰ ਸਤਿਕਾਰ ਇਤਫਾਕ ਕਾਇਮ ਰਿਹਾ ਹੈ ਜੋ ਅੱਜਤੀਕ ਬਰਕਰਾਰ ਹੈ ਤੇ ਅੱਗੋਂ ਵੀ ਰਹੇਗਾ। ਉਨ੍ਹਾਂ ਕਿਹਾ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਪਹਿਲਾਂ ਅਸਤੀਫਾ ਦੇ ਗਏ ਸਨ ਤੇ ਹੁਣ ਉਨ੍ਹਾਂ ਦੀ ਮੁੜ ਵਾਪਸੀ ਹੋਈ ਹੈ, ਉਨ੍ਹਾਂ ਨੂੰ ਡੱਟ ਕੇ ਨਿਹੰਗ ਸਿੰਘਾਂ ਵੱਲੋਂ ਕੀਤੇ ਗੁਰਮਤੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮਿਆਂ ਦੀ ਪਾਲਣਾ ਹੂਬਹੂ ਕਰਵਾਉਣ ਲਈ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੈ।
ਬਾਬਾ ਬਲਬੀਰ ਸਿੰਘ ਅਕਾਲੀ ਨੇ ਆਪਣੇ ਸੰਬੋਧਨ ਵਿੱਚ 1978 ਵਿੱਚ ਹੋਏ ਨਿਰੰਕਾਰੀ ਕਾਂਡ ਦੇ ਕਈ ਗੁੱਝੇ ਤੱਥ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਦਮਦਮੀ ਟਕਸਾਲ ਤੇ ਨਿਹੰਗ ਸਿੰਘ ਦਲਾਂ ਵਿੱਚ ਵੀ ਏਕਤਾ ਦੀ ਮਿਸਾਲਯੋਗ ਨੇੜਤਾ ਰਹੀ ਹੈ ਇਨ੍ਹਾਂ ਦਲ ਪੰਥਾਂ ਦਾ ਦਮਦਮੀ ਟਕਸਾਲ ਦੇ ਮੁਖੀ ਬਹੁਤ ਮਾਣ ਸਤਿਕਾਰ ਕਰਦੇ ਸਨ ਉਨ੍ਹਾਂ ਕਿਹਾ ਦਮਦਮੀ ਟਕਸਾਲ ਦੇ ਹੈਡ ਕੁਆਟਰ ਮਹਿਤਾ ਚੌਂਕ ਦਾ ਨੀਂਹ ਪੱਥਰ ਵੀ ਬੁੱਢਾ ਦਲ ਤੇ ਤਰਨਾ ਦਲ ਦੇ ਮੁਖੀਆਂ ਨੇ ਰੱਖਿਆ ਸੀ।
ਉਨ੍ਹਾਂ ਕਿਹਾ ਵੈਸਾਖੀ ਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਦਾ ਇਕੱਠ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਵੇਗਾ। ਇੱਕਤਰਤਾਈ ਨਾਲ ਖਾਲਸਾ ਪੰਥ ਦੀ ਚੜ੍ਹਦੀਕਲਾ ਲਈ ਅਤੇ ਪੰਥਕ ਮਰਯਾਦਾ ਦੀ ਬਹਾਲੀ ਲਈ ਗੁਰਮਤੇ ਹੋਣਗੇ। ਉਨ੍ਹਾਂ ਕਿਹਾ ਨਿਹੰਗ ਸਿੰਘਾਂ ਵੱਲੋਂ ਕੀਤੇ ਗੁਰਮਤਿਆਂ ਤੇ ਹਰ ਹੀਲੇ ਅਮਲ ਕਰਵਾਇਆ ਜਾਵੇਗਾ। ਇਸ ਲਈ ਧਾਮੀ ਸਾਹਿਬ ਆਪਣੀ ਬਣਦੀ ਭੂਮਿਕਾ ਤੇ ਫ਼ਰਜ਼ ਨਿਭਾਉਣ।
ਉਨ੍ਹਾਂ ਹੋਰ ਕਿਹਾ ਦਮਦਮੀ ਟਕਸਾਲ ਦੇ ਮੁਖੀ ਸੰਤ ਗੁਰਬਚਨ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਉਪਰੰਤ ਸੰਤ ਕਰਤਾਰ ਸਿੰਘ ਦੀ ਦਸਤਾਰਬੰਦੀ ਬਾਬਾ ਸੰਤਾ ਸਿੰਘ, ਬਾਬਾ ਬਿਸ਼ਨ ਸਿੰਘ ਤੇ ਬਾਬਾ ਸੋਹਣ ਸਿੰਘ ਜੀ ਨੇ ਇਕੱਠਿਆ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਬੁੱਢਾ ਦਲ ਪੰਥ ਅੰਦਰ ਬਹੁਤ ਵੱਡੇ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਹਨ, ਉਨ੍ਹਾਂ ਰਕਬਾ ਅਸਥਾਨ ਦਾ ਵਿਸ਼ੇਸ਼ ਤੌਰ ਹਵਾਲਾ ਦਿਤਾ। ਉਨ੍ਹਾਂ ਦਸਿਆ ਕਿ ਅੰਗਰੇਜ਼ਾਂ ਨਾਲ ਬੁੱਢਾ ਦਲ ਦੀ ਸਿਧੀ ਟੱਕਰ ਰਹੀ, ਬੁੱਢਾ ਦਲ ਦੇ ਸਾਰੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਜ਼ੇਲ੍ਹ ਅੰਦਰ ਕੈਦ ਕਰ ਦਿਤਾ ਗਿਆ ਸੀ। ਪਿਛੋਂ ਬਾਬਾ ਬਿਧੀਚੰਦ ਸੰਪਰਦਾ ਦੇ ਮੁਖੀ ਬਾਬਾ ਸੋਹਣ ਸਿੰਘ, ਬੁੱਢਾ ਦਲ ਦੇ ਘੋੜਿਆਂ ਤੇ ਮਾਲ ਦੀ ਸਾਂਭ ਸੰਭਾਲ ਕਰਦੇ ਰਹੇ। ਉਨ੍ਹਾਂ ਦੀਆਂ ਸੇਵਾਵਾਂ ਮਹਾਨ ਹਨ।
ਉਨ੍ਹਾਂ ਅੰਤ ਵਿਚ ਕਿਹਾ ਕਿ ਸਮਾਜ ਅੰਦਰ ਚੱਲ ਰਹੀਆਂ ਕੁਰੀਤੀਆਂ ਨੂੰ ਠੱਲ ਪਾਉਣ ਲਈ ਧੀਆਂ ਪੁੱਤਰਾਂ ਨੂੰ ਅੰਮ੍ਰਿਤਧਾਰੀ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੇ ਪੁੱਤਰ ਪੁੱਤਰੀਆਂ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹੋਣ ਦਾ ਮਾਣ ਹਾਸਲ ਕਰਨਾ ਚਾਹੀਦਾ ਹੈ। ਇਸ ਸਮਾਗਮ ਵਿੱਚ ਵੱਖ-ਵੱਖ ਸੰਪਰਦਾ, ਨਿਹੰਗ ਸਿੰਘ ਦਲਾਂ, ਸੰਤ ਮਹਾਪੁਰਸ਼ਾਂ, ਸਮਾਜਕ ਗੁਣੀ ਗਿਆਨੀਆਂ ਨੇ ਵੱਡੇ ਪੱਧਰ ਤੇ ਸਮੂਲੀਅਤ ਕੀਤੀ।